ਵਿਭਾਗ ਬਾਰੇ About The Department:
ਕਾਲਜ ਵਿਚ ਮਾਤ ਭਾਸ਼ਾ ਪੰਜਾਬੀ ਨਾਲ ਸਬੰਧਤ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੀ ਸਥਾਪਤ ਹੈ ਜਿਸ ਵਿਚ ਬਹੁਤ ਸਾਰੇ ਵਿਦਿਆਰਥੀ ਇੱਥੇ ਉੱਚ ਸਿੱਖਿਆ ਪ੍ਰਾਪਤ ਕਰਦੇ ਹੋਏ ਐਮ. ਏ., ਐਮ. ਫਿਲ. ਦੀ ਡਿਗਰੀ ਪ੍ਰਾਪਤ ਕਰਕੇ ਅੱਗੇ ਪੀਐਚ. ਡੀ. ਵਿੱਚ ਵਿੱਦਿਆ ਪ੍ਰਾਪਤ ਕਰ ਰਹੇ ਹਨ। ਪੰਜਾਬੀ ਵਿਭਾਗ ਦਾ ਇਤਿਹਾਸਕ ਸਫ਼ਰ 1960 ਵਿੱਚ ਕਾਲਜ ਦੀ ਸਥਾਪਨਾ ਦੇ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਇਸ ਸਫ਼ਰ ਵਿਚ ਵਿਭਾਗ ਨੂੰ ਅਦੀਬ ਸਾਹਿਤਕਾਰਾਂ ਦੀ ਰਹਿਨੁਮਾਈ ਸਰਪ੍ਰਸਤ ਦੇ ਰੂਪ ਵਿਚ ਵੀ ਮਿਲੀ। ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਪੰਜਾਬੀ ਵਿਭਾਗ ਨੂੰ ਪੋਸਟ ਗ੍ਰੈਜੂਏਟ ਵਿਭਾਗ ਬਣਾ ਕੇ ਐਮ.ਏ. ਪੰਜਾਬੀ ਸ਼਼ੁਰੂ ਕੀਤੀ। ਪੰਜਾਬੀ ਵਿਭਾਗ ਖ਼ਾਲਸਾ ਕਾਲਜ ਦੇ ਪ੍ਰਮੁੱਖ ਵਿਭਾਗਾਂ ਵਿੱਚੋਂ ਇੱਕ ਹੈ, ਜੋ ਸਾਹਿਤ ਦੇ ਅਧਿਆਪਨ ਰਾਹੀਂ ਪੰਜਾਬ ਦੇ ਲੋਕਾਂ ਦੀ ਜ਼ੁਬਾਨ, ਸੱਭਿਆਚਾਰ ਅਤੇ ਪੰਜਾਬੀ ਜੀਵਨ ਦ੍ਰਿਸ਼ਟੀਕੋਣ ਪ੍ਰਤੀ ਨੌਜਵਾਨਾਂ ਨੂੰ ਚੇਤਨ ਕਰਦਾ ਹੈ ਅਤੇ ਇਸ ਤਰ੍ਹਾਂ ਇਹ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਵਿਕਾਸ ਲਈ ਨਿਰੰਤਰ ਕਾਰਜਸ਼ੀਲ ਹੈ। ਪੰਜਾਬੀ ਵਿਭਾਗ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਮਾਤ-ਭਾਸ਼ਾ ਦੇ ਮਹੱਤਵ ਤੋਂ ਜਾਣੂ ਕਰਵਾ ਕੇ ਉਨ੍ਹਾਂ ਦੇ ਦਿਲਾਂ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਹੈ। ਪੰਜਾਬੀ ਵਿਭਾਗ ਨਾ ਸਿਰਫ਼ ਵਿਦਿਆਰਥੀਆਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਕਾਬਲ ਬਣਾਉਂਦਾ ਹੈ, ਸਗੋਂ ਉਹਨਾਂ ਨੂੰ ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਜੋੜਦਾ ਹੋਇਆ ਅਤੇ ਇਕ ਵਧੀਆ ਨਾਗਰਿਕ ਵੀ ਬਣਾਉਂਦਾ ਹੈ। ਕਾਲਜ ਦੇ ਇਸ ਵਿਭਾਗ ਦੀ ਇਕ ਵਿਲੱਖਣ ਪਹਿਚਾਣ ਇਹ ਵੀ ਹੈ ਕਿ ਪੰਜਾਬੀ ਸਾਹਿਤ, ਸਭਿਆਚਾਰ ਅਤੇ ਚਿੰਤਨ ਨਾਲ ਜੁੜੀਆਂ ਨਾਮਵਰ ਹਸਤੀਆਂ ਡਾ.ਗੁਰਭਗਤ ਸਿੰਘ, ਪ੍ਰੋ ਮੋਹਨ ਸਿੰਘ, ਪ੍ਰੋ.ਹਰਬੰਸ ਸਿੰਘ ਬਰਾੜ, ਪ੍ਰੋ.ਬਲਕਾਰ ਸਿੰਘ, ਪ੍ਰੋ.ਹਰਪਾਲ ਸਿੰਘ ਪੰਨੂ, ਪ੍ਰੋ.ਬਲਵਿੰਦਰ ਕੌਰ ਬਰਾੜ ਅਤੇ ਡਾ.ਚਰਨਜੀਤ ਕੌਰ ਇਸ ਵਿਭਾਗ ਦਾ ਹਿੱਸਾ ਰਹੀਆਂ ਜਿਹੜੀਆਂ ਕਿ ਬਾਅਦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬਤੌਰ ਪ੍ਰੋਫੈਸਰ ਅਤੇ ਇਸ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਵਜੋਂ ਸੇਵਾ ਮੁਕਤ ਹੋਈਆਂ ਹਨ। ਕਿਸੇ ਵੀ ਸਮਾਜ ਵਿੱਚ ਉੱਥੋਂ ਦੀ ਮਾਤ ਭਾਸ਼ਾ ਦਾ ਬਹੁਤ ਵੱਡਾ ਅਸਰ ਹੁੰਦਾ ਹੈ। ਇਸ ਲਈ ਖ਼ਾਲਸਾ ਕਾਲਜ ਪਟਿਆਲਾ ਦਾ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਹਮੇਸ਼ਾ ਹੀ ਇਸ ਖਿੱਤੇ ਦੇ ਸੱਭਿਆਚਾਰ ਅਤੇ ਬੋਲੀ ਲਈ ਵਕਤੀ ਚੁਣੌਤੀਆਂ ਨੂੰ ਸਵੀਕਾਰ ਕਰਦਾ ਹੋਇਆ, ਸਹੀ ਸੇਧ ਪ੍ਰਦਾਨ ਕਰ ਰਿਹਾ ਹੈ। ਮੌਜੂਦਾ ਸਮੇਂ ਦੌਰਾਨ ਐਸੋਸੀਏਟ ਪ੍ਰੋਫੈਸਰ ਪਰਮਜੀਤ ਕੌਰ ਇਸ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਰਹੇ ਹਨ ਅਤੇ ਇਸ ਵਿਭਾਗ ਵਿਚ 16 ਪ੍ਰੋਫੈਸਰ ਸਹਿਬਾਨ ਕਾਰਜ ਕਰ ਰਹੇ ਹਨ।